12:24 pm : 2.Dec.2015

Editorials on a Wall

Prev Next

ਢੌਂਗੀ ਬਾਬੇ ਕੁਮਾਰ ਸਵਾਮੀ ਦੀ ਸਿੱਖਾਂ, ਹਿੰਦੂਆਂ, ਇਸਾਈਆਂ, ਮੁਸਮਲਮਾਨਾਂ, ਬੋਧੀਆਂ ਅਤੇ ਜੈਨੀਆਂ ਦੀ ਧਾਰਮਿਕ ਆਸਥਾ ਨੂੰ ਸਿੱਧੀ ਚੁਣੌਤੀ

kumarswami133

ਢੌਂਗੀ ਬਾਬੇ ਕੁਮਾਰ ਸਵਾਮੀ ਦੀ ਸਿੱਖਾਂ, ਹਿੰਦੂਆਂ, ਇਸਾਈਆਂ, ਮੁਸਮਲਮਾਨਾਂ, ਬੋਧੀਆਂ ਅਤੇ ਜੈਨੀਆਂ ਦੀ ਧਾਰਮਿਕ ਆਸਥਾ ਨੂੰ ਸਿੱਧੀ ਚੁਣੌਤੀ
ਆਪਣੇ ਮੰਤਰ ਨੂੰ ਗੁਰੂ ਗ੍ਰੰਥ ਸਾਹਿਬ, ਗੀਤਾ, ਬਾਈਬਲ, ਕੁਰਾਨ, ਧੰਮਪਦ ਅਤੇ ਜਿਨਵਾਨੀ ਤੋਂ ਕਰੋੜਾਂ ਗੁਣਾ ਪ੍ਰਭਾਵਸ਼ਾਲੀ ਦੱਸਿਆ
10 ਅਤੇ 11 ਮਾਰਚ ਨੂੰ ਅੰਮ੍ਰਿਤਸਰ ਵਿਚ 'ਵੇਚੇਗਾ' ਬੀਜ=ਮੰਤਰ


ਕਿਸੇ ਸੁਘੜ ਅਤੇ ਸੁਲਝੇ ਹੋਏ ਵੱਡੇ ਵਪਾਰੀ ਵਾਂਗ ਅਖ਼ਬਾਰਾਂ ਵਿਚ ਆਪਣੇ 'ਪ੍ਰਭੂ ਕ੍ਰਿਪਾ ਦੁੱਖ ਨਿਵਾਰਣ ਸਮਾਗਮਾਂ' ਰਾਹੀਂ ਲੋਕਾਂ ਨੂੰ 'ਬੀਜ ਮੰਤਰ' ਦੀ ਪੈਸੇ ਲੈ ਕੇ ਵਿਕਰੀ ਕਰਨ ਵਾਲੇ ਢੌਂਗੀ ਬਾਬੇ ਕੁਮਾਰ ਸਵਾਮੀ ਨੇ ਵੱਖ=ਵੱਖ ਧਰਮਾਂ 'ਤੇ ਸਿੱਧੀ ਚੋਟ ਕਰਦਿਆਂ ਦਾਅਵਾ ਕੀਤਾ ਹੈ ਕਿ ਉਹ ਛੇਤੀ ਹੀ 'ਰਿਸ਼ੀਆਂ ਮੁਣੀਆਂ' ਵੱਲੋਂ ਸਾਂਭਿਆ ਇਕ ਮੰਤਰ ਲੋਕਾਂ ਨੂੰ ਵੇਚੇਗਾ। ਉਸਦਾ ਦਾਅਵਾ ਹੈ ਕਿ ਉਸਦੇ ਇਸ ਮੰਤਰ ਦਾ ਰੋਜ਼ਾਨਾ ਕੇਵਲ 3 ਮਿਨਟ ਜਾਪ ਕਰ ਲੈਣ ਵਾਲੇ ਉਨ੍ਹਾਂ ਲੋਕਾਂ ਨੂੰ ਵੀ ਕਰੋੜਾਂ ਗੁਣਾ ਲਾਭ ਹੋਵੇਗਾ ਜਿਹੜੇ  ਸ੍ਰੀ ਗੁਰੂ ਗ੍ਰੰਥ ਸਾਹਿਬ, ਗੀਤਾ, ਬਾਈਬਲ, ਕੁਰਾਨ, ਧੰਮਪਦ ਅਤੇ ਜਿਨਵਾਨੀ ਨੂੰ ਮੰਨਦੇ=ਪੜ੍ਹਦੇ ਹਨ ਅਤੇ ਅਤੇ ਇਨ੍ਹਾਂ ਦੇ ਹਰ ਰੋਜ਼ ਨਿਤਕ੍ਰਮ ਭਾਵ ਨਿਤਨੇਮ ਕਰਦੇ ਹਨ।


ਬਾਬਾ ਕੁਮਾਰ ਸਵਾਮੀ ਦਾ ਇਹ ਦਾਅਵਾ ਇਕ ਇਸ਼ਤਿਹਾਰ ਰਾਹੀਂ ਸਾਹਮਣੇ ਆਇਆ ਹੈ ਜਿਹੜਾ ਸਪਸ਼ਟ ਤੌਰ 'ਤੇ ਖ਼ੁਦ ਬਾਬੇ ਵੱਲੋਂ ਆਪ ਅਖ਼ਬਾਰਾਂ ਵਿਚ ਛਪਵਾਇਆ ਗਿਆ ਹੈ। ਬਾਬੇ ਦੀ ਤਸਵੀਰ ਵਾਲੇ ਇਸ ਇਸ਼ਤਿਹਾਰ ਵਿਚ ਇਸ ਮੰਤਰ ਨੂੰ 'ਦੁੱਖ ਨਿਵਾਰਣ ਦਾ ਅਦਭੁੱਤ ਨਿਸ਼ਕੀਲਨ ਪਾਠ' ਆਖਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਹੁਣ ਇਹ ਪਾਠ ਲੋੜਵੰਦਾਂ ਨੂੰ 'ਪਾਸਵਰਡ' ਰਾਹੀਂ ਮੁਹੱਈਆ ਕਰਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਊਸਨੇ ਲੋੜਵੰਦਾਂ ਨੂੰ ਇਸ ਲਈ ਰਜਿਸਟਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ ਹੈ।  


ਵੱਡੇ ਵੱਡੇ ਆਗੂਆਂ ਅਤੇ ਧਾਰਮਿਕ ਹਸਤੀਆਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਦੇ ਨਾਲ ਅਖ਼ਬਾਰਾਂ ਵਿਚ ਆਪਣੀਆਂ ਤਸਵੀਰਾਂ ਇਸ਼ਤਿਹਾਰਾਂ ਰਾਹੀਂ ਛਪਵਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਦੇਸ਼=ਵਿਦੇਸ਼ ਵਿਚ 50 ਕਰੋੜ ਤੋਂ ਵੱਧ ਲੋਕਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕਰਦੇ ਇਸ ਬਾਬੇ ਵੱਲੋਂ ਕੀਤੇ ਜਾਣ ਵਾਲਾ ਇਹ ਪਹਿਲਾ ਪਾਖੰਡ ਤਾਂ ਨਹੀਂ ਹੈ ਪਰ ਆਪਣੇ ਉਕਤ ਤਾਜ਼ਾ ਇਸ਼ਤਿਹਾਰ ਵਿਚ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਹੋਰ ਧਰਮਾਂ ਦੇ ਧਾਰਮਿਕ ਗ੍ਰੰਥਾਂ ਨੂੰ ਛੁਟਿਆ ਕੇ ਦੱਸਣ ਦੇ ਇਸ ਵਰਤਾਰੇ ਨਾਲ ਸਾਰੇ ਧਰਮਾਂ ਨੂੰ ਮੰਨਣ ਵਾਲਿਆਂ ਦੇ ਦਿਲਾਂ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।


ਸਭ ਤੋਂ ਪਹਿਲਾਂ ਇਸ ਮਾਮਲੇ ਦਾ ਨੋਟਿਸ ਅਸੀਂ ਹੀ ਆਪਣੀ ਇਸ ਨਵੀਂ ਸ਼ੁਰੂ ਕੀਤੀ ਵੈਬਸਾਈਟ 'ਯੈੱਸ ਪੰਜਾਬ' ਦੇ ਮਾਧਿਅਮ ਨਾਲ 5 ਮਾਰਚ, 2012 ਨੂੰ ਲਿਆ।  ਮੇਰੇ ਵੱਲੋਂ  'ਯੈੱਸ ਪੰਜਾਬ' ਦੇ ਸੰਪਾਦਕ ਦੇ ਤੌਰ 'ਤੇ ਵੈਬਸਾਈਟ ਵਿਚ ਲਿਖ਼ੇ ਗਏ ਪਹਿਲੇ ਵਿਸਤਾਰਤ ਸੰਪਾਦਕੀ ਵਿਚ ਇਸ ਮਾਮਲੇ ਨੂੰ ਗੰਭੀਰਤਾ ਅਤੇ ਪੂਰੀ ਸ਼ਿੱਦਤ ਨਾਲ ਉਠਾਉਂਦਿਆਂ ਨਾ ਕੇਵਲ ਬਾਬੇ ਦੀ ਇਸ ਕੋਝੀ ਹਰਕਤ ਨੂੰ ਚੁਣੌਤੀ ਹੀ ਦਿੱਤੀ ਗਈ ਸੀ ਸਗੋਂ ਬਾਬੇ ਨੂੰ ਵੰਗਾਰਦਿਆਂ ਮੈਂ ਉਸਨੂੰ ਇਹ ਚੁਣੌਤੀ ਵੀ ਦਿੱਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਨੂੰ ਛੁਟਿਆ ਕੇ ਦੱਸਣ ਅਤੇ ਆਪਣੇ ਪਾਠ ਨੂੰ ਕਰੋੜਾਂ ਗੁਣਾ ਪ੍ਰਭਾਵਸ਼ਾਲੀ ਦੱਸਣ ਦੀ ਗ਼ਲਤੀ ਲਈ ਮੁਆਫ਼ੀ ਸਾਰੇ ਧਰਮਾਂ ਦੇ ਲੋਕਾਂ ਤੋਂ ਬਿਨਾ ਸ਼ਰਤ ਮੁਆਫ਼ੀ ਮੰਗੇ। ਸਾਡੀ ਵੈਬਸਾਈਟ ਦੇ ਅੰਗਰੇਜ਼ੀ ਭਾਗ ਵਿਚ ਇਹ ਵਿਸਤਾਰਿਤ ਸੰਪਾਦਕੀ ਅਜੇ ਵੀ ਪੜ੍ਹਿਆ ਜਾ ਸਕਦਾ ਹੈ।


'ਯੈੱਸ ਪੰਜਾਬ' ਦੇ ਸੰਪਾਦਕੀ ਤੋਂ ਬਾਅਦ ਦੇਸ਼=ਵਿਦੇਸ਼ ਵਿਚ ਪਾਖੰਡੀ ਬਾਬੇ ਕੁਮਾਰ ਸਵਾਮੀ ਦੇ ਵਿਰੁੱਧ ਰੋਹ ਫ਼ੈਲ ਰਿਹਾ ਹੈ ਅਤੇ ਇਸ ਗੱਲ ਦੀ ਖ਼ਬਰ ਹੁਣ ਸਰਕਾਰਾਂ ਤੋਂ ਇਲਾਵਾ ਵੱਖ=ਵੱਖ ਧਰਮਾਂ ਦੀਆਂ ਜਥੇਬੰਦੀਆਂ ਅਤੇ ਲੋਕਾਂ ਤਕ ਪੁੱਜ ਰਹੀ ਹੈ। 'ਯੈੱਸ ਪੰਜਾਬ' ਦੀ ਇਸ ਪਹਿਲਕਦਮੀ ਤੋਂ ਬਾਅਦ ਅਜੇ ਤਾਈਂ ਬਾਬੇ ਨੇ ਮੁਆਫ਼ੀ ਮੰਗਣ ਦੀ ਜਗ੍ਹਾ ਇਸ ਮਾਮਲੇ 'ਤੇ ਕੋਈ ਵੀ ਪ੍ਰ੍ਰਤੀਕਰਮ ਦੇਣ ਤੋਂ ਬਚਣ ਦਾ ਹੀ ਰਾਹ ਚੁਣਿਆ ਹੈ।


ਇਸੇ ਦੌਰਾਨ ਹੁਣ ਬਾਬੇ ਵੱਲੋਂ ਅਖ਼ਬਾਰੀ ਇਸ਼ਤਿਹਾਰਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਅੰਮ੍ਰਿਤਸਰ ਵਿਖੇ 10 ਅਤੇ 11 ਮਾਰਚ ਨੂੰ ਕੀਤੇ ਜਾ ਰਹੇ 'ਪ੍ਰਭੂ ਕ੍ਰਿਪਾ ਦੁੱਖ ਨਿਵਾਰਣ ਸਮਾਗਮ' ਲਈ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਮਾਗਮ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਵਾਰ ਪ੍ਰਸਿੱਧ ਕਲਾਕਾਰ ਹੇਮਾ ਮਾਲਿਨੀ ਦੇ  'ਡਾਂਸ ਪ੍ਰੋਗਰਾਮ' ਨੂੰ ਇਕ ਆਕਰਸ਼ਣ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।


ਹਫ਼ਤਾ ਪਹਿਲਾਂ ਹੀ ਉਕਤ ਇਸ਼ਤਿਹਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦਾ ਨਿਰਾਦਰ ਕਰਨ ਵਾਲੇ ਬਾਬੇ ਦੇ ਅੰਮ੍ਰਿਤਸਰ ਵਿਖੇ ਆਉਣ ਦੇ ਪ੍ਰੋਗਰਾਮ ਕਾਰਨ ਇਹ ਸਵਾਲ ਉੱਠ ਖੜ੍ਹਾ ਹੋਇਆ ਹੈ ਕਿ ਕੀ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਗ੍ਰੰਥਾਂ ਗੀਤਾ, ਕੁਰਾਨ, ਬਾਈਬਲ, ਧੰਮਪਦ ਅਤੇ ਜਿਨਵਾਣੀ ਦਾ ਨਿਰਾਦਰ ਕਰਨ ਵਾਲੇ ਬਾਬੇ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਸਮਾਗਮ ਕਰਨ ਦੀ ਇਜ਼ਾਜ਼ਤ ਦੇਣੀ ਬਣਦੀ ਹੈ ਜਾਂ ਫ਼ਿਰ ਦਿੱਤੀ ਜਾਏਗੀ ?  


ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਹਰ ਵੇਲੇ ਪੰਥਕ ਅਤੇ ਆਪੋ ਆਪਣੇ ਧਰਮਾਂ ਲਈ ਪਰਪੱਕ ਜਥੇਬੰਦੀਆਂ ਅਤੇ ਸੰਗਤਾਂ ਕੀ ਇਸ ਬਾਬੇ ਨੂੰ ਅੰਮ੍ਰਿਤਸਰ ਸਥਿਤ ਆਪਣਾ ਪ੍ਰੋਗਰਾਮ ਰੱਦ ਕਰਨ ਜਾਂ ਫ਼ਿਰ ਇਸੇ ਸਮਾਗਮ ਦੇ ਮੰਚ ਤੋਂ ਮੁਆਫ਼ੀ ਮੰਗਣ ਲਈ ਮਜਬੂਰ ਕਰ ਦਿੰਦੀਆਂ ਹਨ ਜਾਂ ਨਹੀਂ?


=ਐੱਚ.ਐੱਸ.ਬਾਵਾ
ਸੰਪਾਦਕ ਯੈੱਸ ਪੰਜਾਬ ਡਾਟ ਕਾਮ
084272=00069

 

 

IMG 0004

 

IMG 0007