10:25 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਪਿੰਡਾਂ ਦੇ ਵਿਕਾਸ ਨਾਲ ਜੁੜੀ ਹੈ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ : ਕੈਬਨਿਟ ਮੰਤਰੀ ਆਸ਼ੂ

Bharat-Bhushan-Ashuਹੁਸ਼ਿਆਰਪੁਰ, 12 ਜਨਵਰੀ, 2019 -

ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ, ਪੰਜਾਬ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਨੁਸਾਰ ਹਿੰਦੁਸਤਾਨ ਪਿੰਡਾਂ ਵਿਚ ਵੱਸਦਾ ਹੈ, ਇਸ ਲਈ ਪਿੰਡਾਂ ਦੇ ਵਿਕਾਸ ਨਾਲ ਹੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਜੁੜੀ ਹੋਈ ਹੈ। ਉਹ ਅੱਜ ਹੁਸ਼ਿਆਰਪੁਰ ਵਿਖੇ ਜ਼ਿਲਾ ਪੱਧਰੀ ਸਹੁੰ ਚੁੱਕ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨਾਂ ਦੇ ਨਾਲ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ, ਆਈ.ਜੀ ਸ਼੍ਰੀ ਨੌਨਿਹਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੀ ਮੌਜੂਦ ਸਨ।

 

ਸ਼੍ਰੀ ਆਸ਼ੂ ਨੇ ਕਿਹਾ ਕਿ ਪੰਚਾਇਤ ਲੋਕਤੰਤਰ ਦਾ ਮੁੱਢਲਾ ਧੁਰਾ ਹੈ, ਇਸ ਲਈ ਲੰਕਤੰਤਰ ਦੀ ਮਜ਼ਬੂਤੀ ਲਈ ਮਜ਼ਬੂਤ ਪੰਚਾਇਤ ਦੀ ਲੋੜ ਹੈ, ਜੋ ਪੂਰੀ ਸ਼ਿੱਦਤ ਨਾਲ ਪਿੰਡ ਦਾ ਵਿਕਾਸ ਕਰੇ। ਉਨਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲਾ ਵਧਾਈ ਦਾ ਪਾਤਰ ਹੈ, ਕਿ ਜ਼ਿਲੇ ਦੀਆਂ 295 ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਹਨ। ਉਨਾਂ ਕਿਹਾ ਕਿ ਨਵੀਆਂ ਚੁਣੀਆਂ ਪੰਚਾਇਤਾਂ ਪ੍ਰਸ਼ਾਸ਼ਨ ਨਾਲ ਮਾਲਮੇਲ ਕਰਕੇ ਦੂਰਅੰਦੇਸ਼ੀ ਸੋਚ ਨਾਲ ਪਿੰਡਾਂ ਦੀ ਨੁਹਾਰ ਬਦਲਣ ਲਈ ਯਤਨ ਕਰਨ।

 

ਕੈਬਨਿਟ ਮੰਤਰੀ ਸ਼੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਵਲੋਂ ਮਹਿਲਾਵਾਂ ਲਈ ਰਾਖਵਾਂਕਰਨ ਕੀਤਾ ਗਿਆ ਹੈ, ਤਾਂ ਜੋ ਉਨਾਂ ਨੂੰ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨਾਂ ਕਿਹਾ ਕਿ ਵੱਡੇ ਪੱਧਰ 'ਤੇ ਔਰਤਾਂ ਸਰਪੰਚ ਅਤੇ ਪੰਚ ਚੁਣੀਆਂ ਗਈਆਂ ਹਨ ਅਤੇ ਮਹਿਲਾਵਾਂ ਦੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਸ ਤਰਾਂ ਘਰ ਨੂੰ ਸੰਵਾਰਦੀਆਂ ਹਨ, ਉਸੇ ਤਰਾਂ ਪਿੰਡਾਂ ਦੀ ਨੁਹਾਰ ਬਦਲਣ ਲਈ ਅੱਗੇ ਆਉਣ। ਉਨਾਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਯੋਗ ਲਾਭਪਾਤਰੀਆਂ ਤੱਕ ਪਹੰਚਾਉਣਾ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ, ਤਾਂ ਜੋ ਹਰੇਕ ਯੋਗ ਵਿਅਕਤੀ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਮਿਲ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਚਾਇਤਾਂ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਪੂਰੀ ਦਿਲਚਸਪੀ ਦਿਖਾਉਣ। 

 

ਸਮਾਰੋਹ ਦੌਰਾਨ ਸ਼੍ਰੀ ਆਸ਼ੂ ਨੇ 1404 ਸਰਪੰਚਾਂ, 7884 ਪੰਚਾਂ, 25 ਜ਼ਿਲਾ ਪ੍ਰੀਸ਼ਦ ਮੈਂਬਰਾਂ ਅਤੇ 211 ਪੰਚਾਇਤ ਸੰਮਤੀ ਮੈਂਬਰਾਂ ਨੂੰ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਣ, ਭਾਰਤ ਦੀ ਪ੍ਰਭੂਤਾ-ਅਖੰਡਤਾ ਨੂੰ ਕਾਇਮ ਰੱਖਣ, ਆਪਣੇ ਫਰਜ਼ਾਂ ਨੂੰ ਨਿਸ਼ਚੈ ਪੂਰਵਕ ਇਮਾਨਦਾਰੀ ਨਾਲ ਨਿਭਾਉਣ ਅਤੇ ਲੋਕਾਂ ਨਾਲ ਬਿਨਾਂ ਕਿਸੇ ਡਰ, ਪੱਖਪਾਤ , ਸੰਦੇਹ ਜਾਂ ਮਾੜੀ ਭਾਵਨਾ ਦੇ, ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਨ ਦੀ ਸਹੁੰ ਚੁਕਾਈ। ਅਹੁਦੇ ਦੀ ਸਹੁੰ ਚੁਕਾਉਣ ਉਪਰੰਤ ਉਨਾਂ ਡੈਪੋ ਤਹਿਤ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਪਿੰਡ ਵਾਸੀਆਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ ਦੀ ਸਫਲਤਾ ਲਈ ਪੂਰਾ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਈ।

 

ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇਥੇ ਬਿਨਾਂ ਚੋਣ ਲੜੇ ਸਰਬ ਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਵਿਚ ਵੱਡੇ ਪੱਧਰ 'ਤੇ ਪੰਚਾਇਤਾਂ ਦੀ ਸਰਬ ਸੰਮਤੀ ਨਾਲ ਚੋਣ ਹੋਣੀ ਇਸ ਦੀ ਤਾਜ਼ਾ ਮਿਸਾਲ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ, ਉਹ ਕਰ ਵਿਖਾਇਆ ਹੈ। ਉਨਾਂ ਕਿਹਾ ਕਿ ਕਰਜ਼ਾ ਮੁਆਫੀ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਨਿਭਾਅ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪੰਚਾਇਤ ਅਹੁਦੇ ਦੀ ਸਹੁੰ ਤੋਂ ਇਲਾਵਾ ਆਪੋ-ਆਪਣੇ ਪਿੰਡਾਂ ਦੇ ਵਿਕਾਸ ਦੀ ਸਹੁੰ ਖਾਕੇ ਹੀ ਪਿੰਡਾਂ ਵਿਚ ਜਾਵੇ। ਇਸ ਨਾਲ ਕੋਈ ਪਿੰਡ ਵਿਕਾਸ ਪੱਖੋਂ ਪਛੜਿਆ ਨਹੀਂ ਰਹੇਗਾ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਹਰ ਪਿੰਡ ਨੂੰ 550 ਪੌਦੇ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।     

 

ਇਸ ਮੌਕੇ ਹਲਕਾ ਵਿਧਾਇਕ ਟਾਂਡਾ ਸ਼੍ਰੀ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਸ਼ਾਮ ਚੁਰਾਸੀ ਸ਼੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਹਲਕਾ ਵਿਧਾਇਕ ਦਸੂਹਾ ਸ਼੍ਰੀ ਅਰੁਣ ਡੋਗਰਾ, ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਜ਼ਿਲਾ ਪ੍ਰਧਾਨ ਕਾਂਗਰਸ ਡਾ. ਕੁਲਦੀਪ ਨੰਦਾ, ਸਾਬਕਾ ਐਮ.ਐਲ.ਏ ਸ਼੍ਰੀ ਲਵ ਕੁਮਾਰ ਗੋਲਡੀ, ਐਡਵੋਕੇਟ ਸ਼੍ਰੀ ਰਾਕੇਸ਼ ਮਰਵਾਹਾ, ਸ਼੍ਰੀ ਰਜਨੀਸ਼ ਟੰਡਨ, ਸ਼੍ਰੀ ਰਮਨ ਕਪੂਰ, ਸ਼੍ਰੀ ਮਨਮੋਹਨ ਸਿੰਘ ਕਪੂਰ, ਐਡਵੋਕੇਟ ਸਭਿਅ ਸਾਚੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos