10:40 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ-ਪੱਖੀ ਮਾਹੌਲ ਦਾ ਸਪੱਸ਼ਟ ਇਸ਼ਾਰਾ: ਸਿੰਗਲਾ

Vijay-Inder-Singla-Event-11Jan19-Bathindaਬਠਿੰਡਾ, 11 ਜਨਵਰੀ, 2019:

ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੌਜੀ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਸਥਾਨਕ ਰਿਜ਼ੌਰਟ ਵਿਖੇ ਭਰਵੇਂ ਇਕੱਠ ਦੌਰਾਨ ਬਠਿੰਡਾ ਜ਼ਿਲੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ, ਪੰਚਾਂ, ਜ਼ਿਲਾ ਪ੍ਰੀਸ਼ਦ ਮੈਂਬਰਾਂ ਅਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਭਾਰਤੀ ਸੰਵਿਧਾਨ ਤਹਿਤ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਸ਼ਚਾ-ਪੂਰਵਕ ਤੇ ਨਿਰਪੱਖਤਾ ਨਾਲ ਨਿਭਾਉਣ ਦੀ ਸਹੁੰ ਚੁਕਾਈ।

 

ਉਨਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਾਂ ਦਿੰਦਿਆਂ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਉਤਰਨ ਅਤੇ ਸੇਵਾ ਭਾਵਨਾ ਨਾਲ ਆਪਣੇ-ਆਪਣੇ ਖੇਤਰ ਵਿੱਚ ਵਿਕਾਸ ਕਾਰਜ ਕਰਨ ਵੱਲ ਪ੍ਰੇਰਿਆ। ਸ਼੍ਰੀ ਸਿੰਗਲਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਕੀਤੇ ਕਾਰਜਾਂ, ਲੋਕਾਂ ਦੀ ਕੀਤੀ ਸੇਵਾ ਅਤੇ ਮਿਹਨਤ ਸਦਕਾ ਸੂਬੇ ਦੇ ਲੋਕਾਂ ਨੇ ਤੁਹਾਨੂੰ ਜਿੱਤ ਦੇ ਰੂਪ ਵਿੱਚ ਇਹ ਜ਼ਿੰਮੇਵਾਰੀ ਸੌਂਪੀ ਹੈ, ਉਸੇ ਸਦਕਾ ਤੁਸੀਂ ਅੱਜ ਇਸ ਸਮਾਗਮ ਦਾ ਹਿੱਸਾ ਬਣੇ ਹੋ।

 

ਇਸ ਲਈ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਇਸ ਫ਼ਰਜ਼ ਨੂੰ ਈਮਾਨਦਾਰੀ ਤੇ ਸ਼ਿੱਦਤ ਨਾਲ ਨੇਪਰੇ ਚਾੜਿਆ ਜਾਵੇ। ਸ਼੍ਰੀ ਸਿੰਗਲਾ ਨੇ 16 ਜ਼ਿਲਾ ਪ੍ਰੀਸ਼ਦ ਮੈਂਬਰਾਂ, 148 ਪੰਚਾਇਤ ਸੰਮਤੀ ਮੈਂਬਰਾਂ, 308 ਸਰਪੰਚਾਂ ਅਤੇ 2419 ਪੰਚਾਂ ਨੂੰ ਸਹੁੰ ਚੁਕਾਈ।

 

ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਹੇਠਲੇ ਪੱਧਰ 'ਤੇ ਪੰਹੁਚਾਉਣ ਵਿੱਚ ਅਹਿਮ ਕੜੀ ਵਜੋਂ ਕੰਮ ਕਰਨ ਵਾਲੇ ਸਰਪੰਚ, ਪੰਚ, ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੈਂਬਰ ਜ਼ਿਲੇ ਦੇ ਲੋਕਾਂ ਵੱਲੋਂ ਉਨਾਂ ਵਿੱਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਬਿਨਾਂ ਕਿਸੇ ਡਰ ਤੋਂ ਸੂਬੇ ਦੀ ਤਰੱਕੀ ਵਿੱਚ ਸਹਿਯੋਗ ਦੇਣ।

 

ਉਨਾਂ ਸਮੂਹ ਅਹੁਦੇਦਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ, ''ਤੁਸੀਂ ਲੋਕਾਂ ਨੇ ਆਪਣੇ-ਆਪਣੇ ਪਿੰਡ ਦੀ ਨੁਹਾਰ ਬਦਲਣੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੁਹਾਨੂੰ ਲੋੜੀਂਦੀਆਂ ਗ੍ਰਾਂਟਾਂ ਦੇਣ ਲਈ ਵਚਨਬੱਧ ਹੈ। ਤੁਸੀਂ ਸਰਕਾਰ ਅਤੇ ਲੋਕਾਂ ਦਰਮਿਆਨ ਪੁਲ ਦਾ ਕੰਮ ਕਰਕੇ ਤਰੱਕੀ ਦੀ ਲੀਹ 'ਤੇ ਪਏ ਸੂਬੇ ਦੇ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰਨੀ ਹੈ।''

 

ਪਿਛਲੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਉਨਾਂ ਕਿਹਾ ਕਿ ਉਦੋਂ ਧੱਕੇਸ਼ਾਹੀ ਤੇ ਜ਼ੋਰ-ਜ਼ਬਰਦਸਤੀ ਨਾਲ ਅਤੇ ਵਿਰੋਧੀ ਪਾਰਟੀਆਂ 'ਤੇ ਪਰਚੇ ਦਰਜ ਕਰਵਾ ਕੇ ਚੋਣਾਂ ਜਿੱਤੀਆਂ ਜਾਂਦੀਆਂ ਸਨ ਪਰ ਹੁਣ ਕਾਂਗਰਸ ਦੀ ਸਰਕਾਰ ਦੌਰਾਨ ਪਿੰਡਾਂ ਵਿੱਚ ਕੀਤੇ ਕੰਮਾਂ ਸਦਕਾ, ਲੋਕਾਂ ਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝਣ ਦੇ ਜਜ਼ਬੇ ਸਦਕਾ ਅਤੇ ਈਮਾਨਦਾਰੀ ਤੇ ਮਿਹਨਤਕਸ਼ੀ ਸਕਦਾ ਸੂਬੇ ਦੇ ਲੋਕਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦੇ ਚੁਣ ਕੇ ਇਥੇ ਭੇਜੇ ਹਨ।

 

ਉਨਾਂ ਕਿਹਾ ਕਿ ਲੋਕਾਂ ਦੇ ਹਿਤਾਂ ਵਿੱਚ ਜਦੋਂ ਵੀ ਵੱਡੇ ਫ਼ੈਸਲੇ ਲਏ ਗਏ ਤਾਂ ਉਹ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਹੀ ਲਏ ਹਨ। ਉਨਾਂ ਕਿਹਾ ਕਿ ਸਮਾਜ ਦੀ ਇਕਸਾਰ ਤਰੱਕੀ ਲਈ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਪੰਚਾਇਤਾਂ ਨੂੰ ਵੱਧ ਅਧਿਕਾਰ ਤੇ ਵੱਧ ਤਾਕਤਾਂ ਦਿੱਤੀਆਂ ਗਈਆਂ। ਉਨਾਂ ਕਿਹਾ ਕਿ ਸੂਬੇ ਦੀਆਂ ਮਾਵਾਂ-ਭੈਣਾਂ ਨੂੰ ਮਰਦਾਂ ਦੇ ਬਰਾਬਰ ਖੜਨ ਦਾ ਅਧਿਕਾਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਵਿੱਚ 50 ਫ਼ੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਕਰਕੇ ਦਿੱਤਾ ਹੈ।

 

ਉਨਾਂ ਕਿਹਾ ਕਿ ਪਿਛਲੇ ਕਰੀਬ ਡੇਢ ਸਾਲ ਦੌਰਾਨ ਸੂਬਾ ਸਰਕਾਰ ਨੇ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਹੈ। ਇਸ ਨਾਲ ਜਿਥੇ ਪੰਚਾਇਤਾਂ ਅਤੇ ਸਰਕਾਰ ਨੂੰ ਆਮਦਨ ਜੋ ਪਹਿਲਾਂ 270 ਕਰੋੜ ਰੁਪਏ ਹੁੰਦੀ ਸੀ, ਉਹ ਵੱਧ ਕੇ 330 ਕਰੋੜ ਰੁਪਏ ਹੋ ਗਈ ਹੈ।  ਉਨਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਦੇ ਅਹੁਦੇਦਾਰ ਜਦੋਂ ਈਮਾਨਦਾਰੀ ਨਾਲ ਕੰਮ ਕਰਨਗੇ ਤਾਂ ਇਹ ਸੁਭਾਵਿਕ ਹੈ ਕਿ ਆਮਦਨ ਵਿੱਚ ਹੋਰ ਵਾਧਾ ਹੋਵੇਗਾ ਜਿਸ ਨਾਲ ਪਿੰਡਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ।

 

ਕਾਂਗਰਸ ਸਰਕਾਰ ਦੇ ਸੱਤਾ ਦੇ 21 ਮਹੀਨਿਆਂ ਵਿੱਚ ਸੂਬੇ ਦੇ ਹੋਏ ਵਿਕਾਸ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਕੈਪਟਨ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦਿਆਂ 'ਤੇ ਪੂਰਾ ਉਤਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ 10.25 ਲੱਖ ਕਿਸਾਨਾਂ ਲਈ 2 ਲੱਖ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਵਾਅਦੇ ਤਹਿਤ ਹੁਣ ਤੱਕ 4.1 ਲੱਖ ਕਿਸਾਨਾਂ ਨੂੰ, ਬਿਨਾਂ ਕਿਸੇ ਭੇਦ-ਭਾਵ, ਕਰੀਬ 4000 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਜਾ ਚੁੱਕੀ ਹੈ।

 

ਉਨਾਂ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਤੋਂ ਬਾਅਦ ਹੁਣ ਅਗਲੇ ਪੜਾਅ ਤਹਿਤ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਛੋਟੇ ਕਿਸਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ ਅਤੇ ਸਰਕਾਰ ਆਪਣਾ ਇਹ ਵਾਅਦਾ ਹਰ ਹਾਲ ਪੂਰਾ ਕਰੇਗੀ। ਉਨਾਂ ਕਿਹਾ ਕਿ ਸਰਕਾਰ ਨੇ ਗ਼ਰੀਬ ਪਰਿਵਾਰਾਂ ਦੇ ਆਟਾ-ਦਾਲ ਸਕੀਮ ਤਹਿਤ ਪੁਰਾਣੇ ਨੀਲੇ ਕਾਰਡਾਂ ਦੀ ਥਾਂ ਸਿਰਫ਼ ਇੱਕ ਸਮਾਰਟ ਕਾਰਡ ਜਾਰੀ ਕੀਤਾ ਹੈ ਤਾਂ ਜੋ ਅਸਲ ਲਾਭਪਾਤਰੀ ਨੂੰ ਉਸ ਦਾ ਬਣਦਾ ਹੱਕ ਆਸਾਨੀ ਨਾਲ ਅਤੇ ਛੇਤੀ ਤੋਂ ਛੇਤੀ ਮਿਲ ਸਕੇ।

 

ਉਨਾਂ ਕਿਹਾ ਕਿ ਸਮੂਹ ਅਹੁਦੇਦਾਰ ਆਪਣੇ-ਆਪਣੇ ਅਧਿਕਾਰ ਖੇਤਰ ਅਧੀਨ ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨ ਤਾਂ ਜੋ ਗ਼ਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦੇ ਸਰਕਾਰ ਦੇ ਵਾਅਦੇ ਨੂੰ ਛੇਤੀ ਤੋਂ ਛੇਤ ਅਮਲੀਜਾਮਾ ਪਹਿਨਾਇਆ ਜਾ ਸਕੇ। ਉਨਾਂ ਕਿਹਾ ਕਿ ਕੈਪਟਨ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਪਿਛਲੇ ਦਹਾਕੇ ਦੌਰਾਨ ਵਿਕਣੇ ਸ਼ੁਰੂ ਹੋਏ ਮਾਰੂ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਨੇ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ।

 

ਇਸ ਨਾਲ ਸੂਬੇ ਦੀ ਨੌਜਵਾਨੀ ਮੁੜ ਸਿਹਤਯਾਬ ਹੋਵੇਗੀ। ਇਸ ਤੋਂ ਇਲਾਵਾ ਡੈਪੋ ਤੇ ਬੱਡੀ ਵਰਗੇ ਪ੍ਰੋਗਰਾਮਾਂ ਨਾਲ ਨਸ਼ਾ ਤਸਕਰਾਂ 'ਤੇ ਸਖ਼ਤ ਨਜ਼ਰ ਰੱਖਣ ਅਤੇ ਨਸ਼ੇ ਵਿੱਚ ਗ਼ਲਤਾਨ ਹੋਏ ਨੌਜਵਾਨਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਯਤਨ ਜ਼ੋਰ-ਸ਼ੋਰ ਨਾਲ ਅਰੰਭੇ ਜਾ ਰਹੇ ਹਨ।

 

ਸ਼੍ਰੀ ਸਿੰਗਲਾ ਨੇ ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਵੱਡੀ ਪੱਧਰ 'ਤੇ ਜਿੱਤ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ 'ਤੇ ਮੋਹਰ ਅਤੇ ਜਮਹੂਰੀਅਤ ਦੀ ਜਿੱਤ ਕਰਾਰ ਦਿੱਤਾ। ਉਨਾਂ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ-ਪੱਖੀ ਮਾਹੌਲ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ। ਉਨਾਂ ਭਰੋਸਾ ਜਤਾਇਆ ਕਿ ਸੰਸਦੀ ਚੋਣਾਂ ਵਿੱਚ ਵੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ।

 

ਇਕੱਠ ਨੂੰ ਭੁੱਚੋ ਮੰਡੀ ਤੋਂ ਕਾਂਗਰਸ ਦੇ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਬਠਿੰਡਾ ਸ਼ਹਿਰੀ ਕਾਂਗਰਸ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਦਿਹਾਤੀ ਕਾਂਗਰਸ ਪ੍ਰਧਾਨ ਸ਼੍ਰੀ ਖ਼ੁਸ਼ਬਾਜ਼ ਸਿੰਘ ਜਟਾਣਾ,  ਸੀਨੀਅਰ ਕਾਂਗਰਸ ਆਗੂ ਸ਼੍ਰੀ ਨਰਿੰਦਰ ਸਿੰਘ ਭੁਲੇਰੀਆ, ਸ਼੍ਰੀ ਲਖਵਿੰਦਰ ਸਿੰਘ ਲੱਖਾ, ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਸ਼੍ਰੀ ਅਸ਼ੋਕ ਪ੍ਰਧਾਨ  ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਸ਼੍ਰੀ ਗੁਰਇਕਬਾਲ ਸਿੰਘ ਨੇ ਵੀ ਸੰਬੋਧਨ ਕੀਤਾ।

 

ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਮੁਕਤ ਕਰਨ ਲਈ ਪਿਛਲੇ ਵਰੇ 23 ਮਾਰਚ, 2018 ਨੂੰ ਸ਼ਹੀਦ ਸਰਦਾਰ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ ਡੈਪੋ (ਨਸ਼ਾ ਰੋਕਥਾਮ ਅਫ਼ਸਰਾਂ) ਦੀ ਸਮੁੱਚੇ ਅਹੁਦੇਦਾਰਾਂ ਸਮੇਤ ਸਮੁੱਚੇ ਇਕੱਠ ਨੂੰ ਸਹੁੰ ਚੁਕਾਈ ਗਈ।

 

ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ, ਆਈ.ਜੀ. ਸ਼੍ਰੀ ਐਮ.ਐਸ. ਫ਼ਾਰੂਕੀ, ਐਸ.ਐਸ.ਪੀ. ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos