10:52 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਨਵੀਆਂ ਬਣੀਆਂ ਪੰਚਾਇਤਾਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਯੋਗਦਾਨ ਦੇਣ- ਰਾਣਾ ਗੁਰਜੀਤ ਸਿੰਘ

Rana-Gurjit-Singhਕਪੂਰਥਲਾ, 11 ਜਨਵਰੀ, 2019 -

ਪੰਜਾਬ ਦੇ ਉਦਯੋਗ ਤੇ ਵਪਾਰ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਵਿਸ਼ਾਲ ਜ਼ਿਲਾ ਪੱਧਰੀ ਸਮਾਗਮ ਦੌਰਾਨ ਜ਼ਿਲੇ ਵਿਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ-ਸਰਪੰਚਾਂ, ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਅਹੁਦੇ ਦਾ ਹਲਫ਼ ਦਿਵਾਉਣ ਦੇ ਨਾਲ-ਨਾਲ ਨਸ਼ਿਆਂ ਖਿਲਾਫ਼ ਸਹੁੰ ਵੀ ਚੁਕਾਈ। ਜ਼ਿਲੇ ਦੇ ਸਾਰੇ ਪੰਜ ਬਲਾਕਾਂ ਦੀਆਂ 546 ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਤੋਂ ਇਲਾਵਾ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੱਦਾ ਦਿੱਤਾ ਕਿ ਚੁਣੇ ਹੋਏ ਨੁਮਾਇੰਦੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਕੇ ਇਨਾਂ ਦੀ ਨੁਹਾਰ ਬਦਲਣ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ 50 ਫੀਸਦੀ ਨੁਮਾਇੰਦਗੀ ਦੇ ਕੇ ਔਰਤਾਂ ਨੂੰ ਮਾਣ ਦਿੱਤਾ ਹੈ। ਉਨਾਂ ਕਿਹਾ ਕਿ ਨਵੀਆਂ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਆਈ ਹਰੇਕ ਗ੍ਰਾਂਟ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਅਤੇ ਇਨਾਂ ਦੀ ਨਿਗਰਾਨੀ ਤੇ ਪਹਿਰੇਦਾਰੀ ਕਰਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਪਣੇ ਕਰੀਬ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਪਿੰਡਾਂ ਦੀ 1400 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਛੁਡਵਾਈ ਹੈ। ਉਨਾਂ ਕਿਹਾ ਕਿ ਸ਼ਾਮਲਾਟ ਜ਼ਮੀਨਾਂ ਦੀ ਆਮਦਨ ਵੀ 290 ਕਰੋੜ ਰੁਪਏ ਤੋਂ ਵੱਧ ਕੇ 330 ਕਰੋੜ ਰੁਪਏ ਹੋ ਗਈ ਹੈ। ਉਨਾਂ ਕਿਹਾ ਕਿ ਸੂਬੇ ਦੀ ਤਰੱਕੀ ਦੀ ਜਿੰਮੇਵਾਰੀ ਪੰਚਾਇਤਾਂ ਦੇ ਮੋਢਿਆਂ 'ਤੇ ਹੈ, ਕਿਉਂਕਿ ਜੇਕਰ ਪਿੰਡ ਤਰੱਕੀ ਕਰਨਗੇ ਤਾਂ ਹੀ ਸੂਬਾ ਤਰੱਕੀ ਕਰੇਗਾ। ਉਨਾਂ ਪੰਚਾਇਤਾਂ ਨੂੰ ਇਹ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿਚ 550 ਪੌਦੇ ਲਗਾਏ ਜਾਣੇ ਯਕੀਨੀ ਬਣਾਏ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਮਨ-ਕਾਨੂੰਨ ਕਾਇਮ ਰੱਖਣਾ, ਨਸ਼ਾ ਖ਼ਤਮ ਕਰਨਾ, ਇੰਡਸਟਰੀ ਲਿਆਉਣੀ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਕਪੂਰਥਲਾ ਜ਼ਿਲੇ ਵਿਚ ਵੱਡੀ ਗਿਣਤੀ ਵਿਚ ਹੋਈਆਂ ਸਰਬਸੰਮਤੀਆਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਇਹ ਲੋਕਤੰਤਰ ਦੀ ਇਕ ਖੂਬਸੂਰਤ ਮਿਸਾਲ ਹੈ, ਜਿਸ ਲਈ ਪੰਚਾਇਤਾਂ ਵਧਾਈ ਦੀਆਂ ਪਾਤਰ ਹਨ। 

 

ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਕਪੂਰਥਲਾ ਰਾਣਾ ਗੁਰਜੀਤ ਸਿੰਘ ਨੇ ਨਵੀਆਂ ਬਣੀਆਂ ਪੰਚਾਇਤਾਂ, ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਸਿਰਜਣ ਪ੍ਰੋਗਰਾਮ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨਾਂ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਜ਼ਿਲਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਚੁਣੇ ਗਏ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੀ ਬਿਹਤਰੀ ਲਈ ਜੀਅ-ਜਾਨ ਨਾਲ ਕੰਮ ਕਰਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦਾ ਮਾਣ-ਸਤਿਕਾਰ ਮੁੜ ਤੋਂ ਬਹਾਲ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਵਿਚ ਉਨਾਂ ਦੀ ਸੁਣਵਾਈ ਯਕੀਨੀ ਬਣਾਈ ਜਾਵੇਗੀ। ਉਨਾਂ ਪੰਚਾਂ-ਸਰਪੰਚਾਂ ਨੂੰ ਅਪੀਲ ਕੀਤੀ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਚਲਾਏ ਗਏ ਪ੍ਰੋਗਰਾਮ 'ਡੈਪੋ' ਅਤੇ 'ਬਡੀ' ਨੂੰ ਉਤਸ਼ਾਹਿਤ ਕਰਨ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ। ਉਨਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਹਰ ਪਿੰਡ ਦੀ ਨੁਹਾਰ ਬਦਲਣ ਤੇ ਵਿਕਾਸ ਕਰਨ ਦੇ ਸੁਪਨੇ ਨੂੰ ਨਵੀਂਆਂ ਬਣੀਆਂ ਪੰਚਾਇਤਾਂ ਨੂੰ ਨਿਰਪੱਖਤਾ ਤੇ ਸਰਬ ਸਾਂਝੇ ਵਿਕਾਸ ਰਾਹੀਂ ਸਾਕਾਰ ਕਰਨ ਦਾ ਸੱਦਾ ਦਿੱਤਾ।

 

ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੇ ਨਵੀਆਂ ਪੰਚਾਇਤਾਂ ਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦਾ ਸੱਦਾ ਦਿੰਦਿਆਂ ਛੋਟੇ-ਮੋਟੇ ਗਿਲੇ-ਸ਼ਿਕਵੇ ਭੁਲਾ ਕੇ ਆਪਣੇ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਲਈ ਕਿਹਾ। ਜ਼ਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਬਲਬੀਰ ਰਾਣੀ ਸੋਢੀ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਔਰਤਾਂ ਨੂੰ 50 ਫੀਸਦੀ ਨੁਮਾਇੰਦਗੀ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਮਹਿਲਾ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬਲਬੂਤੇ 'ਤੇ ਆਪਣੇ ਕਾਰਜ ਅੰਜਾਮ ਦੇਣ। ਨਸ਼ਾ ਛੁਡਾਊ ਕੇਂਦਰ ਕਪੂਰਥਲਾ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਇਸ ਮੌਕੇ ਪੰਚਾਇਤਾਂ ਨੂੰ ਨਸ਼ਿਆਂ ਖਿਲਾਫ਼ ਸਰਕਾਰ ਵੱਲੋਂ ਵਿੱਢੀ ਮੁਹਿੰਮ ਵਿਚ ਵੱਧ-ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।

 

ਇਸ ਮੌਕੇ ਸਾਰਿਆਂ ਬਲਾਕਾਂ ਦੀਆਂ 10 ਪੰਚਾਇਤਾਂ ਨੂੰ ਪੌਦਿਆਂ ਦੀ ਵੰਡ ਕਰਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਸਟਾਲ ਲਗਾਏ ਗਏ। ਇਸ ਤੋਂ ਇਲਾਵਾ 'ਡੈਪੋ' ਲਈ ਵੱਡੀ ਪੱਧਰ 'ਤੇ ਰਜਿਸਟ੍ਰੇਸ਼ਨ ਵੀ ਕੀਤੀ ਗਈ। 

 

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਮੁੱਖ ਮਹਿਮਾਨ ਅਤੇ ਹੋਰਨਾਂ ਸ਼ਖਸੀਅਤਾਂ ਨੂੰ  ਜੀਅ ਆਇਆਂ ਕਿਹਾ ਅਤੇ ਨਵੀਆਂ ਪੰਚਾਇਤਾਂ, ਸੰਮਤੀ ਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ, ਡੀ. ਡੀ. ਪੀ. ਓ ਸ. ਇਕਬਾਲ ਜੀਤ ਸਿੰਘ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਬੀ. ਡੀ. ਪੀ. ਓ ਸ. ਅਮਰਜੀਤ ਸਿੰਘ, ਸ. ਪਰਗਟ ਸਿੰਘ ਸਿੱਧੂ, ਸ੍ਰੀ ਸਤੀਸ਼ ਕੁਮਾਰ, ਸ. ਸੇਵਾ ਸਿੰਘ ਤੇ ਸ੍ਰੀ ਹਰਬਲਾਸ, ਏ. ਪੀ. ਓ ਸ. ਸਤਨਾਮ ਸਿੰਘ, ਸ੍ਰੀ ਸਾਹਿਲ ਓਬਰਾਏ ਤੋਂ ਇਲਾਵਾ ਜ਼ਿਲੇ ਦੀਆਂ ਨਾਮਵਰ ਸ਼ਖਸੀਅਤਾਂ ਅਤੇ ਅਧਿਕਾਰੀ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋ. ਇੰਦਰਜੀਤ ਸਿੰਘ ਪੱਡਾ ਨੇ ਬਾਖੂਬੀ ਕੀਤਾ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos