10:34 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਨਾਮਵਰ ਸਾਹਿਤਕਾਰ, ਪੱਤਰਕਾਰ ਅਤੇ ਮਹਿਰਮ ਪਬਲੀਕੇਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਬੀ. ਐੱਸ. ਬੀਰ ਨਹੀਂ ਰਹੇ

BS-Birਨਾਭਾ, 11 ਜਨਵਰੀ, 2019 (ਹਰਪ੍ਰੀਤ ਸਿੰਘ):

ਮਹਿਰਮ ਪਬਲੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਭਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਨਾਮਵਰ ਲੇਖਕ ਸ਼੍ਰੀ ਬੀ.ਐੱਸ.ਬੀਰ ਮਿਤੀ 11 ਜਨਵਰੀ, 2019 ਨੂੰ ਸਵੇਰੇ 3.00 ਵਜੇ ਇਸ ਦੁਨੀਆ ਨੂੰ ਸਦੀਵੀਂ ਅਲਵਿਦਾ ਆਖ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

 

ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ ਬਾਅਦ ਤਿੰਨ ਵਜੇ ਨਾਭਾ ਦੇ ਅਲੌਹਰਾਂ ਗੇਟ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। 

 

ਉਹ ਨਾਭਾ ਤੋਂ ਅਦਾਰਾ ‘ਅਜੀਤ’ਦੇ ਵਿਸ਼ੇਸ਼ ਪ੍ਰਤੀਨਿਧੀ ਕਰਮਜੀਤ ਸਿੰਘ ਦੇ ਵੱਡੇ ਭਰਾ ਸਨ।  ਉਨ੍ਹਾਂ ਦੀ ਮੌਤ ’ਤੇ ਸਿਆਸੀ, ਸਮਾਜਿਕ, ਧਾਰਮਿਕ, ਰਾਜਸੀ ਹਸਤੀਆਂਅਤੇ ਸਾਹਿਤ ਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

 

ਬੀ. ਐੱਸ. ਬੀਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਜਾਣੇ–ਪਛਾਣੇ ਲੇਖਕ ਹਨ ਜਿਨ੍ਹਾਂ ਨੇ ਤਿੰਨੇਂ ਭਾਸ਼ਾਵਾਂ ਵਿਚ ਤੇਤੀ ਕੁ ਪੁਸਤਕਾਂ ਦੀ ਰਚਨਾ ਕੀਤੀ। ਇਨ੍ਹਾਂ ਵਿਚ ਨਾਵਲ, ਕਹਾਣੀ ਸੰਗ੍ਰਹਿ, ਕਾਵਿ–ਸੰਗ੍ਰਹਿ, ਜੀਵਨੀ ਆਦਿ ਦੀਆਂ ਸਾਹਿਤਕ ਵੰਨਗੀਆਂ ਵੇਖਣ ਤੇ ਪੜ੍ਹਨ ਨੂੰ ਮਿਲਦੀਆਂ ਹਨ।

 

ਸੰਖੇਪ ਵੇਰਵਾ :

15 ਅਗਸਤ, 1947 ਨੂੰ ਪਿੰਡ ਸਾਧਵਾਲਾ, ਪੰਜਾਬ (ਹੁਣ ਪਾਕਿਸਤਾਨ ਵਿਚ) ਵਿਚ ਗਿਆਨੀ ਸੰੁਦਰ ਸਿੰਘ ਜੋ ਕਿ ਪੰਜਾਬੀ ਅਧਿਆਪਕ ਸਨ ਦੇ ਘਰ ਮਾਤਾ ਮਾਨਸ ਕੌਰ ਦੀ ਕੁੱਖੋਂ ਜਨਮੇਂ ਬੀ. ਐੱਸ. ਬੀਰ ਥੋੜ੍ਹੀ ਦੇਰ ਮੁਕਤਸਰ ਵਿਚ ਵੀ ਰਹੇ। ਭਾਰਤ ਵੰਡ ਤੋਂ ਪਹਿਲਾਂ ਪੰਜਾਬ ਇਕ ਹੋਣ ਕਰਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਰਹਿਣ ਦਾ ਵੀ ਮੌਕਾ ਮਿਲਿਆ। 

 

ਉਨ੍ਹਾਂ ਦੇ ਪਿਤਾ ਜੀ ਦੀ ਬਦਲੀ ਮੁਕਤਸਰ ਤੋਂ ਹਰਿਆਣਾ ਦੇ ਚਰਖੀ ਦਾਦਰੀ ਵਿਚ ਹੋ ਗਈ ਜਿਥੇ ਬੀ.ਐੱਸ.ਬੀਰ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੁਝ ਦੇਰ ਪਟਿਆਲਾ ਵਿਚ ਰਿਹਾ ਤੇ ਫੇਰ ਹਮੇਸ਼ਾ ਲਈ ਨਾਭਾ ਵਿਚ ਰਹਿਣ ਲੱਗੇ। 

 

ਬੀ.ਐੱਸ.ਬੀਰ. ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਮ.ਏ. (ਅੰਗਰੇਜ਼ੀ, ਪੰਜਾਬੀ ਅਤੇ ਅਰਥ ਸ਼ਾਸਤਰ) ਤੇ ਆਨਰਜ਼-ਇਨ-ਪੰਜਾਬੀ ਦੀ ਸਿੱਖਿਆ ਪ੍ਰਾਪਤ ਕੀਤੀ। ਅਧਿਆਪਨ ਦੇ ਖੇਤਰ ਵਿਚ ਆਪਣੇ ਕਿੱਤੇ ਦੀ ਸ਼ੁਰੂਆਤ ਕਰਨ ਵਾਲੇ ਬੀ.ਐੱਸ.ਬੀਰ ਨੇ 1983 ਵਿਚ ਪੰਜਾਬੀ ਪੱਤਰਕਾਰੀ ਦੇ ਵਿਚ ਵੀ ਸਫਲ ਕਦਮ ਰਖਦਿਆਂ ਦੋ ਮਾਸਿਕ ਪੱਤਰ – ਮਹਿਰਮ ਤੇ ਘਰ–ਸ਼ਿੰਗਾਰ ਅਤੇ ਦੋ ਪੰਦਰਵਾੜਾ ਖੇਤੀ ਮੈਗਜ਼ੀਨ ਮਾਡਰਨ ਖੇਤੀ (ਪੰਜਾਬੀ ਤੇ ਹਿੰਦੀ) ਜੋ ਪੰਜਾਬ ਤੋਂ ਇਲਾਵਾ ਉੱਤਰੀ ਭਾਰਤ ਦੀਆਂ ਪੰਜ ਤੋਂ ਛੇ ਸਟੇਟਾਂ ਵਿਚ ਪਾਠਕਾਂ ਤਕ ਪਹੰੁਚਾ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਸਨ। 

 

ਬੀ. ਐੱਸ. ਬੀਰ ਨੂੰ ਉਨ੍ਹਾਂ ਦੇ ਕੀਤੇ ਕਾਰਜਾਂ ਲਈ ਵੱਖ–ਵੱਖ ਦੇਸੀ–ਵਿਦੇਸ਼ੀ ਸੰਸਥਾਵਾਂ ਤੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਸਾਲ 1997 ਵਿਚ ‘ਸ੍ਰ. ਕਰਤਾਰ ਸਿੰਘ ਧਾਲੀਵਾਲ ਐਵਾਰਡ’ ਵਿਸ਼ਵ ਪੰਜਾਬੀ ਕਾਨਫਰੰਸ ਮਿਲਵਾਕੀ (ਯੂ. ਐੱਸ. ਏ.) ਵੱਲੋਂ, ਸਾਲ 1998 ਵਿਚ ‘ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਸਨਮਾਨ’ ਸ਼੍ਰੀ. ਆਈ.ਕੇ. ਗੁਜਰਾਲ (ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ) ਦੇ ਕਰ ਕਮਲਾਂ ਤੋਂ ਪੰਜਾਬੀ ਪੱਤਰਕਾਰੀ ਲਈ ਪੰਜਾਬੀ ਸਾਹਿਤ ਕਲਾ ਸੰਗਮ, ਦਿੱਲੀ ਵਲੋਂ, ਸਾਲ 2006 ਵਿਚ ‘ਸ਼੍ਰੋਮਣੀ ਪੱਤਰਕਾਰ ਐਵਾਰਡ ਪੰਜਾਬ ਸਰਕਾਰ’ ਭਾਸ਼ਾ ਵਿਭਾਗ ਵੱਲੋਂ, 2006 ਵਿਚ ‘ਸ਼ਹੀਦ ਭਗਤ ਸਿੰਘ ਡਾਇਮੰਡ ਜੁਬਲੀ ਐਵਾਰਡ’ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਬਰਮਿੰਘਮ (ਯੂ. ਕੇ.) ਵਲੋਂ ਅਤੇ 2015 ਵਿਚ ਮੈਗਰਿਸ ਫਾਇਰ ਫਾਈਟਿੰਗ ਐਕਸਪੀਰੀਐਂਸ ਐਵਾਰਡ, ਯੂ. ਐੱਲ. ਐੱਮ. (ਜਰਮਨੀ) ਵੱਲੋਂ ਮੁੱਖ ਤੌਰ ’ਤੇ ਸ਼ਾਮਿਲ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਅਣਗਿਣਤ ਮਾਣ-ਸਨਮਾਨਾਂ ਨਾਲ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ ਗਿਆ। 

 

ਆਪਣੇ ਸਾਹਿਤਕ ਕਾਰਜਾਂ ਦੇ ਨਾਲ–ਨਾਲ ਘੁੰਮਣ–ਫਿਰਨ ਦੇ ਸ਼ੌਕੀਨ ਬੀ. ਐੱਸ. ਬੀਰ ਆਪਣੇ ਜੀਵਨਕਾਲ ਵਿਚ ਵਿਦੇਸ਼ਾਂ ਵਿਚ ਜਰਮਨ, ਫਰਾਂਸ, ਇਟਲੀ, ਯੂ. ਐੱਸ. ਏ., ਯੂ. ਕੇ., ਕੈਨੇਡਾ, ਸਕਾੱਟਲੈਂਡ, ਸਿੰਗਾਪੁਰ, ਹਾਂਗਕਾਂਗ, ਬੈਂਕਾਕ, ਦੁਬਈ, ਨੇਪਾਲ ਅਤੇ ਭਾਰਤ ਵਿਚ ਆਸਾਮ ਤੇ ਮਨੀਪੁਰ ਨੂੰ ਛੱਡ ਕੇ ਪੂਰੇ ਭਾਰਤ ਦਾ ਭਰਮਣ ਕੀਤਾ। 

 

ਬੀ. ਐੱਸ. ਬੀਰ ਦੀਆਂ ਸਾਹਿਤਕ ਰਚਨਾਵਾਂ ’ਤੇ ਵੱਖ–ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਖੋਜ ਕਾਰਜ ਵੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਅਤੇ ਮਹਾਂਰਾਸ਼ਟਰਾ ਯੂਨੀਵਰਸਿਟੀ ਸ਼ਾਮਿਲ ਹਨ।

 

ਬੀ.ਐੱਸ.ਬੀਰ ਆਪਣੇ ਪਿਛੇ ਪਰਿਵਾਰ ਵਿਚ ਪਤਨੀ ਸ਼੍ਰੀਮਤੀ ਗੁਰਮੀਤ ਕੌਰ, ਦੋ ਬੇਟੇ ਸ੍ਰ. ਗੁਰਪ੍ਰੀਤ ਸਿੰਘ ਬੀਰ ਅਤੇ ਸ੍ਰ. ਅਮਨਬੀਰ ਸਿੰਘ ਅਤੇ ਇਕ ਬੇਟੀ ਰਮਿੰਦਰ ਕੌਰ ਨਰੂਲਾ ਨੂੰ ਛੱਡ ਗਏ ਹਨ। 

 

ਬੀ. ਐੱਸ. ਬੀਰ ਦੀ ਸ਼ਖ਼ਸੀਅਤ ’ਤੇ ਇਹ ਸ਼ੇਅਰ ਪੂਰੀ ਤਰ੍ਹਾਂ ਸਹੀ ਢੁਕਦਾ ਹੈ :

 

ਹਜ਼ਾਰ ਮੰਜ਼ਿਲੇ ਹੋਂਗੀ, ਹਜ਼ਾਰੋ ਕਾਰਵਾਂ ਹੋਗੇਂ

ਨਿਗਾਹੇਂ ਹਮ ਕੋ ਢੂੰਡੇਂਗੀ, ਨਾਜਾਨੇ ਹਮ ਕਹਾਂ ਹੋਂਗੇ?

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos