6:05 am : 26.May.2016

CT University Design ContestAdvertise On YP FFx300x150

National News

ਕੀ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ 51 ਸਵਾਲਾਂ ਦੇ ਜਵਾਬ ਨਹੀਂ ਦੇਣੇ ਚਾਹੀਦੇ?

 

js1

 

ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਚੱਲ ਰਹੇ ਫ਼ਰਾਡ ਅਤੇ ਪੇਡ ਖ਼ਬਰਾਂ ਜਿਹੇ ਅਨੇਕਾਂ ਮੁੱਦਿਆਂ ਕਰਕੇ ਰੋਜ਼ਾਨਾ ਸਪੋਕਸਮੈਨ ਦੇ ਬਿਓਰੋ ਚੀਫ਼ ਦੋਆਬਾ ਦੇ ਅਹੁਦੇ ਨੂੰ ਛੱਡਣ ਤੋਂ ਬਾਅਦ ਮੈਂ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਸ: ਜੋਗਿੰਦਰ ਸਿੰਘ ਨੂੰ 51 ਸਵਾਲ ਕੀਤੇ ਸਨ।

(ਜਿਨ੍ਹਾਂ ਨੂੰ ਇਸ ਮੁੱਦੇ ਦੀ ਜਾਣਕਾਰੀ ਨਹੀਂ ਹੈ ਉਹ ਯੈੱਸ ਪੰਜਾਬ ਡਾਟ ਕਾਮ ਦੇ ਪੰਜਾਬੀ ਸੈਕਸ਼ਨ ਵਿਚ ਇਹ 51 ਸਵਾਲ ਵੇਖ਼ ਸਕਦੇ ਹਨ)

ਇਹ ਸਵਾਲ ਮੇਰੇ ਵੱਲੋਂ 19 ਫਰਵਰੀ, 2012 ਨੂੰ ਉਠਾਏ ਗਏ ਸਨ ਜਿਨ੍ਹਾਂ ਦੇ ਜਵਾਬ ਸ: ਜੋਗਿੰਦਰ ਸਿੰਘ ਹੁਰਾਂ ਨੇ ਇਕ ਮਹੀਨਾ ਲੰਘ ਜਾਣ 'ਤੇ ਵੀ ਅਜੇ ਤਾਈਂ ਨਹੀਂ ਦਿੱਤੇ। ਮੈਂ ਇੰਨਾ ਜ਼ਿਆਦਾ ਸਮਾਂ ਇਸ ਲਈ ਚੁੱਪ ਰਿਹਾ ਤਾਂ ਜੋ ਸ: ਜੋਗਿੰਦਰ ਸਿੰਘ ਹੁਰਾਂ ਨੂੰ ਜਵਾਬ ਤਿਆਰ ਕਰਨ ਅਤੇ ਇਨ੍ਹਾਂ ਜਵਾਬਾਂ ਨੂੰ ਆਪਣੇ ਅਖ਼ਬਾਰ ਵਿਚ ਛਾਪ ਕੇ ਉਨ੍ਹ੍ਹਾਂ ਲੋਕਾਂ ਤਕ ਪੁਚਾਉਣ ਲਈ ਵਾਜਿਬ ਸਮਾਂ ਮਿਲ ਸਕੇ ਜਿਨ੍ਹਾਂ ਦੇ ਹਿਤ ਅਖ਼ਬਾਰ ਜਾਂ ਫ਼ਿਰ 'ਉੱਚਾ ਦਰ ਬਾਬੇ ਨਾਨਕ ਦਾ' ਨਾਲ ਜੁੜੇ ਹੋਏ ਹਨ।

ਇਸੇ ਦੌਰਾਨ ਕੁਝ ਦੋਸਤਾਂ ਵੱਲੋਂ ਇਹ ਸੁਝਾਅ ਵੀ ਮਿਲੇ ਕਿ ਪੁੱਛੇ ਗਏ ਸਵਾਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜਿਸ ਨਾਲ ਦਸਤਾਵੇਜ਼ ਕਾਫ਼ੀ ਲੰਬਾ ਹੋ ਗਿਆ ਹੈ। ਮੈਂ ਉਨ੍ਹਾਂ ਦੋਸਤਾਂ ਦੇ ਵਿਚਾਰਾਂ ਦੀ ਕਦਰ ਕਰਦਾ ਹਾਂ।

ਪਰ ਗੱਲ ਇਹ ਹੈ ਕਿ ਸ: ਜੋਗਿੰਦਰ ਸਿੰਘ ਨੇ ਹੁਣ ਤਕ ਇਨ੍ਹ੍ਹਾਂ ਸਵਾਲਾਂ ਵਿਚੋਂ ਕਿਸੇ ਦੇ ਵੀ ਜਵਾਬ ਦੇਣ ਦੀ ਲੋੜ ਨਹੀਂ ਸਮਝੀ ਅਤੇ ਇਨ੍ਹਾਂ ਨੂੰ ਇਸ ਲਈ ਅਣਗੌਲਿਆਂ ਕਰਦੇ ਆ ਰਹੇ ਹਨ ਕਿ ਇਹ ਸਵਾਲ ਆਪਣੀ ਮੌਤੇ ਆਪ ਮਰ ਜਾਣ।

ਇੱਥੇ ਹੀ ਬੱਸ ਨਹੀਂ, ਇਕ ਕਦਮ ਹੋਰ ਅਗਾਂਹ ਜਾਂਦਿਆਂ ਉਨ੍ਹ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ 'ਉੱਚਾ ਦਰ ਬਾਬੇ ਨਾਨਕ ਦਾ' ਵਾਲੀ ਪ੍ਰਸਤਾਵਿਤ ਥਾਂ 'ਤੇ ਇਕ ਸਮਾਗਮ ਐਤਵਾਰ, 8 ਅਪ੍ਰੈਲ, 2012 ਨੂੰ ਕੀਤਾ ਜਾਵੇਗਾ।

ਮੈਂ ਸ: ਜੋਗਿੰਦਰ ਸਿੰਘ ਦੇ ਇਸ ਕਦਮ ਦਾ ਸਵਾਗਤ ਕਰਦਾ ਹਾਂ ਅਤੇ ਰੋਜ਼ਾਨਾ ਸਪੋਕਸਮੈਨ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਨਾਲ ਜੁੜੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਉਕਤ ਸਮਾਗਮ ਵਿਚ ਸ਼ਿਰਕਤ ਜ਼ਰੂਰ ਕਰਨ।


ਮੈਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਵੱਲੋਂ ਸ: ਜੋਗਿੰਦਰ ਸਿੰਘ ਨੂੰ ਪੁੱਛੇ 51 ਸਵਾਲ ਪ੍ਰਾਪਤ ਕਰ ਲੈਣ ਜਾਂ ਵੈਬਸਾਈਟ ਤੋਂ ਡਾਊਨਲੋਡ ਕਰ ਲੈਣ। ਹੋ ਸਕਦਾ ਹੈ ਕਿ ਉਨ੍ਹ੍ਹਾਂ ਨੂੰ ਵੀ ਲੱਗੇ ਕਿ ਕੁਝ ਸਵਾਲ ਢੁਕਵੇਂ ਹਨ ਜਦਕਿ ਕੁਝ ਹੋਰ ਉਨੇ ਢੁਕਵੇਂ ਨਹੀਂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਿਚ ਜਾ ਕੇ 51 ਸਵਾਲਾਂ ਵਿਚੋਂ ਘੱਟੋ ਘੱਟ ਉਹ ਸਵਾਲ ਤਾਂ ਸ: ਜੋਗਿੰਦਰ ਸਿੰਘ ਨੂੰ ਪੁੱਛ ਲੈਣੇ ਚਾਹੀਦੇ ਹਨ ਜਿਹੜੇ ਉਹ ਸਮਝਦੇ ਹਨ ਕਿ ਜਾਇਜ਼ ਅਤੇ ਢੁਕਵੇਂ ਹੋਣ ਕਰਕੇ ਪੁੱਛਣੇ ਬਣਦੇ ਹਨ।


ਐਤਵਾਰ, 8 ਅਪ੍ਰੈਲ ਨੂੰ ਸੰਗਤ ਨੂੰ ਇਹ ਸਵਾਲ ਸ: ਜੋਗਿੰਦਰ ਸਿੰਘ ਨੂੰ ਪੁੱਛਣੇ ਚਾਹੀਦੇ ਹਨ, ਇਨ੍ਹਾਂ ਦੇ ਜਵਾਬ ਮੰਗਣੇ ਚਾਹੀਦੇ ਹਨ ਅਤੇ ਫ਼ਿਰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਉਨ੍ਹ੍ਹਾਂ ਦਾ ਪ੍ਰਾਜੈਕਟ, ਉਨ੍ਹਾਂ ਦੀ ਪੇਸ਼ਕਾਰੀ ਅਤੇ ਉਨ੍ਹਾਂ ਦੇ ਇਰਾਦੇ ਵਾਜਿਬ ਅਤੇ ਨੇਕ ਹਨ ਜਾਂ ਨਹੀਂ।


ਜੇ ਸੰਗਤ ਨੂੰ ਇਹ ਪ੍ਰਾਜੈਕਟ, ਇਸ ਦੀ ਪੇਸ਼ਕਾਰੀ ਅਤੇ ਸ: ਜੋਗਿੰਦਰ ਸਿੰਘ ਦੀ ਨੀਅਤ ਅਤੇ ਇਰਾਦੇ ਠੀਕ ਜਾਪਦੇ ਹਨ ਤਾਂ ਫ਼ਿਰ ਮੈਂ ਕੌਣ ਹੁੰਦਾ ਹਾਂ ਕਿਸੇ ਨੂੰ ਵੀ ਇਹ ਆਖ਼ਣ ਵਾਲਾ ਕਿ ਉਹ ਸ: ਜੋਗਿੰਦਰ ਸਿੰਘ ਨੂੰ 'ਉੱਚਾ ਦਰ ਬਾਬੇ ਨਾਨਕ ਦਾ' ਜਾਂ ਉਨ੍ਹਾਂ ਦੇ ਕਿਸੇ ਹੋਰ ਪ੍ਰਾਜੈਕਟ ਲਈ ਫੰਡ, ਭੇਟਾ, ਦਾਨ ਆਦਿ ਨਾ ਦੇਣ।


ਪਰ ਜੇ ਸੰਗਤ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਜਾਂ ਫ਼ਿਰ ਜਵਾਬਾਂ ਤੋਂ ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਇਸ ਪ੍ਰਾਜੈਕਟ ਤੋਂ ਪਿਛਾਂਹ ਹੋ ਕੇ ਅੱਗੋਂ ਤੋਂ ਇਸ ਪ੍ਰਾਜੈਕਟ ਲਈ ਫੰਡ, ਭੇਟਾ, ਦਾਨ ਆਦਿ ਦੇਣ ਤੋਂ ਹੀ ਨਹੀਂ ਬਚਣਾ ਚਾਹੀਦਾ ਸਗੋਂ ਆਪਣੇ ਹੁਣ ਤਕ ਦਿੱਤੇ ਪੈਸਿਆਂ ਦੀ ਵਾਪਿਸੀ ਦੀ ਮੰਗ ਵੀ ਕਰਨੀ ਚਾਹੀਦੀ ਹੈ।


ਸੰਗਤ ਸਰਬਉੱਚ ਹੈ ਅਤੇ ਫ਼ੈਸਲਾ ਸੰਗਤਾਂ ਦੇ ਹੱਥ ਹੈ।


ਐੱਚ.ਐੱਸ.ਬਾਵਾ

ਐਡੀਟਰ ਯੈੱਸ.ਪੰਜਾਬ ਡੌਟ ਕਾਮ